Skip to Content

ਗੁਰੂ ਦੇ ਲਾਲ

25 December 2024 by
Mohindra Chronicle
| No comments yet

ਕੰਬੀ ਤਾਂ ਜ਼ਰੂਰ ਪੂਰੀ ਕਾਇਨਤ ਹੋਣੀ ਏ

ਭੁੱਲਣੀ ਨੀ ਇਹ ਜਿਹੜੀ ਹੋਈ ਅਣਹੋਣੀ ਏ

ਸਿਰਸਾ ਵੀ ਚੜ ਪੂਰੀ ਸਿਰਾਂ ਤਕ ਆ ਗਈ

ਮਾਂ ਕੋਲੋਂ ਬੱਚਿਆਂ ਨੂੰ ਜੁਦਾ ਹਾਏ ਕਰਾ ਗਈ

ਉੱਤੋਂ ਕਾਲੀ ਰਾਤ ਵਾਟਾਂ ਲਮੀਆਂ ਸੀ ਬੜੀਆਂ

ਬੜੀ ਔਖੀ ਲੰਗੀਆ ਹੋਣੀਆਂ ਓਹ ਘੜੀਆਂ

ਕਹਿਰ ਦੀ ਵਿ ਠੰਡ ਹੋਊ ਸੀਨਾ ਹੋਣੀ ਚੀਰ ਦੀ

ਫਤਹਿ ਸਿੰਘ ਨੂੰ ਹਾਏ ਯਾਦ ਆਉਂਦੀ ਹੋਣੀ ਵੀਰ ਦੀ

ਘੁਟ ਕੇ ਕਲੇਜੇ ਮਾਂ ਗੁਜਰੀ ਨੇ ਲਾਏ ਹੋਣੇ

ਪਤਾ ਨਹੀਂ ਕਿੰਝ ਛੋਟੇ ਲਾਲ ਹਾਏ ਸੁਲਾਏ ਹੋਣੇ

ਚੜਦੀ ਸਵੇਰ ਨੇ ਤਸ਼ਦਤ ਮਚਾਇਆ ਹੋਣਾ

ਲੱਭ ਕੇ ਲਿਆਓ ਹੁਕਮ ਜਾਲਮ ਸੁਣਾਇਆ ਹੋਣਾ

ਕੈਸੀ ਤੂੰ ਪਨਾਹ ਦਿੱਤੀ ਗੰਗੁਆ ਹਰਾਮੀਆਂ

ਕਿਉੰ ਪੈਸੇ ਪਿੱਛੇ ਵੇਚਤਾਂ ਜ਼ਮੀਰ ਬੇ ਨਾਦਾਨੀਆਂ

ਹੱਥਾਂ ਚ ਹਥਕੜੀਆਂ ਪੈਰਾਂ ਚ ਛਾਲੇ ਹੋਏ ਹੋਣੇ

ਲੰਘੇ ਜਿਸ ਥਾਵੋਂ ਧਰਦੀ ਦੇ ਹੰਝੂ ਚੋਏ ਹੋਣੇ

ਚੌਹਾਂ ਪਾਸਿਆਂ ਤੋਂ ਸੀਤ ਲਹਿਰ ਹੋਣੀ ਵਗਦੀ

ਜ਼ੋਰਾਵਰ ਸਿੰਘ ਦੀ ਨਾ ਅੱਖ ਹੋਣੀ ਲਗਦੀ

ਭੁੱਖੇ ਤੇ ਪਿਆਸੇ ਕਿੰਝ ਢਿੱਡ ਓਹਨਾ ਭਰੇ ਹੋਣੇ

ਮੋਤੀ ਮਹਿਰਾ ਨੇ ਵੀ ਕੋਈ ਮੋਤੀ ਪੁੰਨ ਕਰੇ ਹੋਣੇ

ਕੁਲ ਤਾਰ ਗਿਆ ਸੇਵਾ ਦੁੱਧ ਦੀ ਓਹ ਕਰਕੇ

ਹੋ ਅਮਰ ਪਰਿਵਾਰ ਗਿਆ ਭਾਵੇਂ ਕੋਹਲੂ ਵਿਚ ਪਿੜ ਕੇ

ਸਿੱਖੀ ਚ ਸ਼ਹਾਦਤਾਂ ਦਾ ਕੋਈ ਐਸਾ ਤੋੜ ਨੀ

ਮੇਰੇ ਵਾਜਾਂ ਵਾਲੇ ਵਰਗਾ ਨਾ ਹੋਣਾ ਕੋਈ ਹੋਰ ਜੀ

ਠੰਡੇ ਬੁਰਜ਼ ਚ ਮਾਂ ਕਹਾਣੀਆਂ ਸੁਣਾਉਂਦੀ ਹੋਣੀ

ਰਹਿਓਂ ਗੁਰੂ ਵਿਚ ਲੀਨ ਕਹਿਕੇ ਦ੍ਰਿੜ੍ਹਤਾ ਵਧਾਉਂਦੀ ਹੋਣੀ

ਫ਼ਤਵਾ ਜਿਹਾ ਸੁਣ ਮਾਂ ਚੀਸ ਹੋਣੀ ਵੱਟ ਦੀ

ਭਾਣਾ ਮੰਨ ਕੇ ਅੱਲ੍ਹਾ ਦਾ ਭਰ ਗਈ ਹੋਣੀ ਅੱਖ ਵੀ

ਕਰ ਵਾਹਿਗੁਰੂ ਯਾਦ ਭਰ ਗਈ ਹੋਣੀ ਅੱਖ ਵੀ

ਕੁਦਰਤ ਕੰਬਿਆ ਤੇ ਕੰਬ ਗਈ ਖੁਦਾਈ ਹੋਣੀ

ਜਾਲਮ ਨੇ ਜਦੋਂ ਸਜ਼ਾ ਲਾਲਾਂ ਨੂੰ ਸੁਣਾਈ ਹੋਣੀ

ਸੱਚ ਦੀ ਆਵਾਜ਼ ਇਕ ਕੰਨਾਂ ਵਿਚ ਆਈ ਹੋਣੀ

ਛੱਡ ਦਿਓ ਬੱਚੇ ਕਹਿਕੇ ਇਹੀਓ ਰੱਟ ਲਾਈ ਹੋਣੀ

ਨਾਮ ਜੀਹਦਾ ਕੋਟਲੇ ਨਵਾਬ ਨਾਲ ਜਾਣਦੇ

ਸਦਕੇ ਮੈਂ ਜਾਵਾ ਇਸ ਸੱਚੇ ਇਨਸਾਨ ਦੇ

ਕਹਿੰਦੇ ਬਦਲਾ ਜੇ ਲੈਣਾ ਲੱਭੋ ਹਾਣ-ਪਰਵਾਣ ਦੇ

ਸ਼ਹਾਦਤਾਂ ਦਾ ਨੂਰ ਦੋਵਾਂ ਵੀਰਾ ਸਿਰ ਚਮਕੇ

ਅਡੋਲੇ ਨਾ ਦੀਵਾਰੋਂ ਖੜੇ ਰਹੇ ਥੰਮ ਬਣਕੇ

ਪੋਹ ਦਾ ਮਹੀਨਾ ਇਹ ਸੁਣਾਵੇ ਆਪ ਹਾਲ ਜੀ

ਅੱਖਾਂ ਮੀਟ ਗਏ ਮੇਰੇ ਗੁਰੂ ਦੇ ਹਾਏ ਲਾਲ ਜੀ


(ਲਿਖਤ ਜਗਜੀਤ ਸਿੰਘ ਪਾਲੀਆ

ਖੁਰਦ ਜਿਲਾ ਪਟਿਆਲਾ)

Sign in to leave a comment