Skip to Content

ਕੌਣ ਹੈ ਸੁਖਬੀਰ ਬਾਦਲ 'ਤੇ ਗੋਲੀ ਚਲਾਉਣ ਵਾਲਾ ਨਰਾਇਣ ਸਿੰਘ ਚੌੜਾ?

7 December 2024 by
Mohindra Chronicle
| No comments yet

Chronicle Report/Khushaal

ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਉਪਰ ਬੀਤੇ ਦਿਨ ਜਾਨ ਲੇਵਾ ਹਮਲੇ ਦੀ ਕੋਸ਼ਿਸ਼ ਕੀਤੀ ਗਈ। ਪੁਲਿਸ ਨੇ ਗੋਲੀ ਚਲਾਉਣ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਨਰਾਇਣ ਸਿੰਘ ਚੌੜਾ ਵਜੋਂ ਹੋਈ ਹੈ। ਸੂਤਰਾਂ ਦੇ ਅਨੁਸਾਰ  ਉਹ ਸੁਖਬੀਰ ਬਾਦਲ 'ਤੇ ਨਜ਼ਰ ਰੱਖ ਰਹੇ ਸਨ ਅਤੇ ਲਗਾਤਾਰ ਦੋ ਦਿਨਾਂ ਤੋਂ ਦਰਬਾਰ ਸਾਹਿਬ ਮੱਥਾ ਟੇਕਣ ਲਈ ਪਹੁੰਚ ਰਹੇ ਸਨ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਹ ਦਲ ਖਾਲਸਾ ਸੰਗਠਨ ਨਾਲ ਜੁੜਿਆ ਹੋਇਆ ਹੈ।


ਪੁਲਿਸ ਦੇ ਏਡੀਸੀਪੀ ਹਰਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੋ ਦਿਨਾਂ ਤੋਂ  ਮੱਥਾ ਟੇਕਣ ਆ ਰਿਹਾ ਸੀ। ਉਸ ਦੀਆਂ ਹਰਕਤਾਂ ਸ਼ੱਕੀ ਲੱਗ ਰਹੀਆਂ ਸਨ, ਇਸ ਲਈ ਪੁਲਿਸ ਉਸ 'ਤੇ ਨਜ਼ਰ ਰੱਖ ਰਹੀ ਸੀ। ਮੁਲਜ਼ਮ ਕੋਲੋਂ ਇੱਕ ਹਥਿਆਰ ਵੀ ਬਰਾਮਦ ਕੀਤਾ ਗਿਆ ਹੈ। ਪੁਲਿਸ ਪੁੱਛ-ਗਿੱਛ ਕਰ ਰਹੀ ਹੈ ਕਿ ਉਸ ਨੇ ਸੁਖਬੀਰ ਬਾਦਲ 'ਤੇ ਕਿਸ ਦੇ ਕਹਿਣ 'ਤੇ ਹਮਲਾ ਕੀਤਾ। ਪੁਲਿਸ ਨੇ ਮੁੱਢਲੀ ਜਾਂਚ ਵਿੱਚ ਕਿਹਾ ਗਿਆ ਹੈ ਕਿ ਦੋਸ਼ੀ ਧਾਰਮਿਕ ਕੱਟੜਤਾ ਤੋਂ ਪ੍ਰੇਰਿਤ ਹੋ ਸਕਦਾ ਹੈ।  ਦੋਸ਼ੀ ਦਾ ਨਾਮ ਖਾਲਸਾ ਸੰਗਠਨ ਨਾਲ ਜੋੜਿਆ ਜਾ ਰਿਹਾ ਹੈ , ਜਿਸਦੇ ਸੰਸਥਾਪਕ ਗਜਿੰਦਰ ਸਿੰਘ ਦੀ ਕੁਝ ਦਿਨ ਪਹਿਲਾਂ ਪਾਕਿਸਤਾਨ ਦੇ ਲਾਹੌਰ ਦੇ ਇੱਕ ਹਸਪਤਾਲ ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ। ਨਰਾਇਣ ਸਿੰਘ ਨੇ ਪਾਕਿਸਤਾਨ ਵਿਚ ਰਹਿੰਦੇ ਹੋਏ ਗੁਰੀਲਾ ਯੁੱਧ ਅਤੇ 'ਗੱਦਾਰ' ਸਾਹਿਤ 'ਤੇ ਇਕ ਕਿਤਾਬ ਲਿਖੀ ਸੀ।

ਪੰਜਾਬ ਪੁਲਿਸ ਅਨੁਸਾਰ ਸੁਖਬੀਰ ਬਾਦਲ 'ਤੇ ਹਮਲਾ ਕਰਨ ਵਾਲਾ ਨਰਾਇਣ ਸਿੰਘ ਚੌੜਾ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਥਾਣਾ ਖੇਤਰ ਦੇ ਪਿੰਡ ਚੌੜਾ ਦੇ ਵਾਰਡ ਨੰਬਰ 3 ਦਾ ਵਸਨੀਕ ਹੈ। ਉਸਦਾ ਜਨਮ 4 ਅਪ੍ਰੈਲ 1956 ਨੂੰ ਚੌਰਾ ਪਿੰਡ ਵਿੱਚ ਹੋਇਆ ਸੀ। ਨਰਾਇਣ ਸਿੰਘ ਦੇ ਪਿਤਾ ਦਾ ਨਾਮ ਚੰਨਣ ਸਿੰਘ ਹੈ। ਉਸ ਨੇ ਅਕਾਲੀ ਦਲ ਦੇ ਨੇਤਾ ਸੁਖਬੀਰ ਬਾਦਲ 'ਤੇ ਗੋਲੀ ਚਲਾਉਣ ਦੀ ਕੋਸ਼ਿਸ ਕੀਤੀ। ਉੱਥੇ ਮੌਜੂਦ ਸੁਰੱਖਿਆ ਬਲਾਂ ਨੇ ਹਮਲੇ ਨੂੰ ਰੋਕਿਆ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ।


ਨਰਾਇਣ ਸਿੰਘ ਚੌੜਾ ਆਪਣੇ ਆਪ ਨੂੰ ਖਾਲਿਸਤਾਨ ਪੱਖੀ ਆਗੂ ਦੱਸਦਾ ਹੈ। ਉਹ ਪਹਿਲਾਂ ਵੀ ਖਾਲਿਸਤਾਨ ਸਮਰਥਕ ਅੱਤਵਾਦੀ ਸੰਗਠਨ ਬੱਬਰ ਖਾਲਸਾ ਨਾਲ ਜੁੜਿਆ ਰਿਹਾ ਹੈ। ਉਹ ਚੰਡੀਗੜ੍ਹ ਜੇਲ ਬ੍ਰੇਕ ਕੇਸ ਵਿੱਚ ਵੀ ਦੋਸ਼ੀ ਹੈ। ਸਾਲ 2004 'ਚ ਚਾਰ ਖਾਲਿਸਤਾਨੀ ਅੱਤਵਾਦੀ ਜੇਲ੍ਹ ਤੋਂ ਫਰਾਰ ਹੋ ਗਏ ਸਨ। ਦੋਸ਼ ਹੈ ਕਿ ਨਾਰਾਇਣ ਨੇ ਇਸ ਮਾਮਲੇ 'ਚ ਅੱਤਵਾਦੀਆਂ ਦੀ ਮਦਦ ਕੀਤੀ ਸੀ। ਨਰਾਇਣ ਸਿੰਘ ਚੌੜਾ ਗੈਰ ਕਾਨੂੰਨੀ ਗਤੀਵਿਧੀਆਂ (ਰੋਕਥਾਮ) ਯੂਏਪੀਏ ਐਕਟ ਤਹਿਤ ਲੰਮਾ ਸਮਾਂ ਜੇਲ੍ਹ ਵਿੱਚ ਬਿਤਾਉਣ ਤੋਂ ਬਾਅਦ ਜ਼ਮਾਨਤ 'ਤੇ ਬਾਹਰ ਆਇਆ ਸੀ। ਉਸਨੇ ਅੰਮ੍ਰਿਤਸਰ ਕੇਂਦਰੀ ਜੇਲ੍ਹ ਵਿੱਚ ਪੰਜ ਸਾਲ ਬਿਤਾਏ ਹਨ। ਉਹ ਬੱਬਰ ਖਾਲਸਾ, ਖਾਲਿਸਤਾਨ ਲਿਬਰੇਸ਼ਨ ਫੋਰਸ ਅਤੇ ਅਕਾਲ ਫੈਡਰੇਸ਼ਨ ਨਾਲ ਜੁੜੇ ਹੋਏ ਸਨ। ਉਸ ਨੂੰ 28 ਫਰਵਰੀ 2013 ਨੂੰ ਤਰਨ ਤਾਰਨ ਦੇ ਪਿੰਡ ਜਲਾਲਾਬਾਦ ਤੋਂ ਗ੍ਰਿਫਤਾਰ ਕੀਤਾ ਗਿਆ ਸੀ।

ਨਰਾਇਣ ਸਿੰਘ ਚੌੜਾ ਖਿਲਾਫ ਅੰਮ੍ਰਿਤਸਰ ਦੇ ਸਿਵਲ ਲਾਈਨਜ਼ ਥਾਣੇ ਵਿੱਚ ਵਿਸਫੋਟਕ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਹ ਅੰਮ੍ਰਿਤਸਰ, ਤਰਨ ਤਾਰਨ ਅਤੇ ਰੋਪੜ ਜ਼ਿਲ੍ਹਿਆਂ ਵਿੱਚ ਗੈਰ ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਤਹਿਤ ਕੇਸਾਂ ਵਿੱਚ ਵੀ ਦੋਸ਼ੀ ਹੈ। ਨਾਰਾਇਣ 1984  ਵਿੱਚ ਪਾਕਿਸਤਾਨ ਚਲਾ ਗਿਆ ਸੀ। ਉਸਨੇ ਅੱਤਵਾਦ ਦੇ ਸ਼ੁਰੂਆਤੀ ਪੜਾਵਾਂ ਵਿੱਚ ਪੰਜਾਬ ਵਿੱਚ ਹਥਿਆਰਾਂ ਅਤੇ ਵਿਸਫੋਟਕਾਂ ਦੀਆਂ ਵੱਡੀਆਂ ਖੇਪਾਂ ਦੀ ਤਸਕਰੀ ਵਿੱਚ ਅਹਿਮ ਭੂਮਿਕਾ ਨਿਭਾਈ ਸੀ।

Sign in to leave a comment