Chronicle News/Pooja
11 ਦਸੰਬਰ: ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਹੋਏ ਆਤਮਘਾਤੀ ਹਮਲੇ ਨੇ ਤਾਲੀਬਾਨ ਸਰਕਾਰ ਨੂੰ ਬੁਰੀ ਤਰ੍ਹਾਂ ਝੰਜੋੜ ਦਿੱਤਾ ਹੈ। ਇਸ ਹਮਲੇ ਵਿੱਚ ਤਾਲੀਬਾਨ ਦੇ ਮੰਤਰੀ ਖਲੀਲ ਉਰ ਰਹਿਮਾਨ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ ਹੈ। ਸੂਤਰਾਂ ਮੁਤਾਬਿਕ, ਇਹ ਹਮਲਾ ਮੰਤਰਾਲੇ ਦੇ ਅੰਦਰ ਹੋਇਆ, ਜਿੱਥੇ ਸੁਰੱਖਿਆ ਬਹੁਤ ਕੜੀ ਮੰਨੀ ਜਾਂਦੀ ਹੈ।
ਇਹ ਹਮਲਾ ਇਸ ਕਰਕੇ ਵੀ ਗੰਭੀਰ ਮੰਨਿਆ ਜਾ ਰਿਹਾ ਹੈ ਕਿਉਂਕਿ ਮਾਰੇ ਗਏ ਖਲੀਲ ਹਕਾਨੀ ਗ੍ਰਹਿ ਮੰਤਰੀ ਸਿਰਾਜੁਦੀਨ ਹਕਾਨੀ ਦੇ ਚਾਚਾ ਸਨ। ਤਾਲੀਬਾਨ ਨੇ ਤਿੰਨ ਸਾਲ ਪਹਿਲਾਂ ਕਾਬੁਲ ਵਿੱਚ ਸੱਤਾ ਸੰਭਾਲੀ ਸੀ, ਪਰ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਉੱਚੇ ਪਦ ਦੇ ਆਗੂ ਨੂੰ ਇਸ ਤਰ੍ਹਾਂ ਨਿਸ਼ਾਨਾ ਬਣਾਇਆ ਗਿਆ ਹੈ।
ਅਜੇ ਤੱਕ ਕਿਸੇ ਵੀ ਸੰਗਠਨ ਨੇ ਇਸ ਹਮਲੇ ਦੀ ਜਿੰਮੇਵਾਰੀ ਨਹੀਂ ਲਈ ਹੈ।
ਹਮਲੇ ਤੋਂ ਬਾਅਦ, ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸ਼ਾਕ ਡਾਰ ਨੇ ਇਸ ਦੀ ਸਖਤ ਨਿੰਦਾ ਕੀਤੀ। ਡਾਰ ਨੇ ਕਿਹਾ ਕਿ ਪਾਕਿਸਤਾਨ ਹਮੇਸ਼ਾ ਅੱਤਵਾਦੀ ਹਮਲਿਆਂ ਦਾ ਵਿਰੋਧ ਕਰਦਾ ਹੈ। ਇਸਦੇ ਇਲਾਵਾ, ਤਾਲੀਬਾਨ ਦੇ ਪ੍ਰਵਕਤਾ ਜਬੀਹੁੱਲਾ ਮੁਜਾਹਿਦ ਨੇ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਅਤੇ ਕਿਹਾ, "ਖਲੀਲ ਹਕਾਨੀ ਇੱਕ ਮਹਾਨ ਯੋਧਾ ਸਨ, ਜਿਨ੍ਹਾਂ ਨੇ ਇਸਲਾਮ ਦੀ ਰੱਖਿਆ ਲਈ ਆਪਣਾ ਜੀਵਨ ਸਮਰਪਿਤ ਕੀਤਾ।"
ਸੂਤਰਾਂ ਦੇ ਅਨੁਸਾਰ, ਇਸ ਹਮਲੇ ਨੇ ਤਾਲੀਬਾਨ ਸਰਕਾਰ ਨੂੰ ਅੰਦਰੋਂ ਕਾਫੀ ਹਿਲਾ ਕੇ ਰੱਖ ਦਿੱਤਾ ਹੈ। ਇਹ ਹਮਲਾ ਸਰਕਾਰ ਵਿਰੁੱਧ ਵੱਧ ਰਹੇ ਅਸੰਤੋਸ਼ ਅਤੇ ਸੁਰੱਖਿਆ ਖਾਮੀਆਂ ਨੂੰ ਵੀ ਜਹਿਰ ਕਰਦਾ ਹੈ।