Chronicle news/Naveen Sharma
ਪਟਿਆਲਾ: ਪੰਜਾਬੀ ਯੂਨੀਵਰਸਿਟੀ ਦੇ ਈ.ਐਮ.ਆਰ.ਸੀ ਸੈਂਟਰ ਦੇ ਕਰਮਚਾਰੀ 19 ਸਤੰਬਰ ਤੋਂ ਇਨਸਾਫ ਦੀ ਮੰਗ ਕਰਦੇ ਹੋਏ ਧਰਨਾ ਦੇ ਰਹੇ ਹਨ। ਉਨ੍ਹਾਂ ਨੇ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਵਿਭਾਗ ਦੇ ਡਾਇਰੈਕਟਰ ਸ਼੍ਰੀ ਦਲਜੀਤ ਅਮੀਂ ਖਿਲਾਫ਼ ਸ਼ਿਕਾਇਤਾਂ ਦਾਇਰ ਕੀਤੀਆਂ ਹਨ। ਇਸ ਦੇ ਸਬੰਧ ਵਿੱਚ ਵਾਈਸ ਚਾਂਸਲਰ ਦੇ ਹੁਕਮਾਂ 'ਤੇ ਇਕ ਕਮੇਟੀ ਬਣਾਈ ਗਈ ਸੀ, ਪਰ ਹੁਣ ਤੱਕ ਉਸ ਕਮੇਟੀ ਦੇ ਕਿਸੇ ਵੀ ਫੈਸਲੇ ਦੀ ਜਾਣਕਾਰੀ ਕਰਮਚਾਰੀਆਂ ਨੂੰ ਨਹੀਂ ਦਿੱਤੀ ਗਈ ਅਤੇ ਨਾ ਹੀ ਕਿਸੇ ਕਾਰਵਾਈ ਕੀਤੀ ਗਈ ਹੈ।
ਧਰਨਾ ਦੇ ਆਯੋਜਕਾਂ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਵਿੱਚ ਹੋਈ ਸਿੰਡੀਕੇਟ ਦੀ ਮੀਟਿੰਗ ਦੇ ਬਾਅਦ ਵੀ ਉਨ੍ਹਾਂ ਦੀਆਂ ਮੰਗਾਂ ਬਾਰੇ ਕੋਈ ਗੱਲ ਨਹੀਂ ਹੋਈ। ਉਹਨਾਂ ਦੀਆਂ ਕੁਝ ਮੁੱਖ ਮੰਗਾਂ ਵਿੱਚ 2021 ਤੋਂ ਪੈਂਡਿੰਗ ਪ੍ਰਮੋਸ਼ਨ ਵੀ ਸ਼ਾਮਿਲ ਹੈ, ਜੋ ਪਹਿਲਾਂ ਹੀ ਬੋਰਡ ਆਫ ਮੈਨੇਜਮੈਂਟ ਅਤੇ ਸਿੰਡੀਕੇਟ ਵਿੱਚ ਪਾਸ ਹੋ ਚੁੱਕੀਆਂ ਹਨ।
ਕਰਮਚਾਰੀਆਂ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਦੂਜੇ ਮੁਲਾਜ਼ਮਾਂ ਨੂੰ ਛੇਵੇਂ ਪੇ ਕਮਿਸ਼ਨ ਦਾ ਏਰੀਅਰ ਮਿਲ ਗਿਆ ਹੈ, ਜਦਕਿ ਈ.ਐਮ.ਆਰ.ਸੀ ਦੇ ਕਰਮਚਾਰੀਆਂ ਨੂੰ ਇਹ ਏਰੀਅਰ ਹੁਣ ਤੱਕ ਨਹੀਂ ਮਿਲਿਆ। ਉਹਨਾਂ ਨੇ ਕਿਹਾ ਕਿ ਡਾਇਰੈਕਟਰ ਨਾਲ ਕੰਮ ਕਰਨਾ ਅਸੁਰੱਖਿਅਤ ਅਤੇ ਅਸਹਿਜ ਹੈ, ਜਿਸ ਕਾਰਨ ਕੁਝ ਮਹਿਲਾ ਕਰਮਚਾਰੀ ਪਹਿਲਾਂ ਹੀ ਆਪਣੀ ਬਦਲੀ ਕਰਵਾ ਚੁੱਕੀਆਂ ਹਨ।
ਪੀੜਤ ਕਰਮਚਾਰੀ ਇਹ ਵੀ ਦੱਸਦੇ ਹਨ ਕਿ ਉਨ੍ਹਾਂ ਨੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਉਨ੍ਹਾਂ 'ਤੇ ਬੇਬੁਨਿਆਦ ਇਲਜ਼ਾਮ ਲਗਾਏ ਜਾ ਰਹੇ ਹਨ। ਕਰਮਚਾਰੀਆਂ ਨੇ ਯੂਨੀਵਰਸਿਟੀ ਅਥਾਰਟੀ ਨੂੰ ਬਦਲੀ ਦੀ ਬੇਨਤੀ ਕੀਤੀ ਹੈ, ਤਾਂ ਜੋ ਉਹ ਆਪਣੀਆਂ ਸੇਵਾਵਾਂ ਨਿਰਵਿਘਨ ਦਿੰਦੇ ਰਹਿਣ।
ਇਹ ਧਰਨਾ ਸ਼ਾਂਤੀਪੂਰਕ ਅਤੇ ਅਨੁਸ਼ਾਸਨ ਦੇ ਦਾਇਰੇ ਵਿੱਚ ਚੱਲ ਰਿਹਾ ਹੈ, ਜਿਸ ਵਿੱਚ ਕਿਸੇ ਵੀ ਕਿਸਮ ਦੀ ਰੁਕਾਵਟ ਨਹੀਂ ਪਾਈ ਜਾ ਰਹੀ।