Chronicle news/naveen sharma
ਪਟਿਆਲਾ, 22 ਨਵੰਬਰ
ਪੰਜਾਬੀ ਯੂਨੀਵਰਸਿਟੀ ਵਿਖੇ ਰੈਗੂਲਰ ਵਾਈਸ ਚਾਂਸਲਰ ਦੀ ਤਾਇਨਾਤੀ ਦੀ ਮੰਗ ਨੂੰ ਲੈ ਕੇ ਸੈਫੀ ਵਿਦਿਆਰਥੀ ਜਥੇਬੰਦੀ ਵੱਲੋਂ ਅੱਜ ਯੂਨੀਵਰਸਿਟੀ ਦੇ ਮੁੱਖ ਗੇਟ ’ਤੇ ਧਰਨਾ ਅਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਦਾ ਨਾਅਰਾ "ਯੂਨੀਵਰਸਿਟੀਆਂ ਬਚਾਓ, ਪੰਜਾਬ ਬਚਾਓ" ਰੱਖਿਆ ਗਿਆ।
ਜਥੇਬੰਦੀ ਦੇ ਬੁਲਾਰੇ ਯਾਦਵਿੰਦਰ ਸਿੰਘ ਯਾਦੂ ਨੇ ਧਰਨੇ ਦੀ ਅਗਵਾਈ ਕਰਦੇ ਹੋਏ ਦਾਅਵਾ ਕੀਤਾ ਕਿ ਪੰਜਾਬ ਦੀਆਂ ਅੱਧੀ ਦਰਜਨ ਯੂਨੀਵਰਸਿਟੀਆਂ ਇਸ ਸਮੇਂ ਬਿਨਾਂ ਰੈਗੂਲਰ ਵਾਈਸ ਚਾਂਸਲਰ ਦੇ ਚੱਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਸਿੱਖਿਆ ਪ੍ਰਣਾਲੀ ਨੂੰ ਨਿਘਾਰ ਵੱਲ ਧੱਕਣ ਦਾ ਯਤਨ ਕਰ ਰਹੀ ਹੈ, ਤਾਂ ਜੋ ਇਨ੍ਹਾਂ ਅਦਾਰਿਆਂ ਨੂੰ ਨਿੱਜੀ ਘਰਾਣਿਆਂ ਨੂੰ ਸੌਂਪਿਆ ਜਾ ਸਕੇ।
ਯਾਦਵਿੰਦਰ ਯਾਦੂ ਨੇ ਜ਼ਿਕਰ ਕੀਤਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਵਾਈਸ ਚਾਂਸਲਰ ਦਾ ਅਹੁਦਾ 25 ਅਪਰੈਲ ਤੋਂ ਖਾਲੀ ਪਿਆ ਹੈ। ਇਸ ਦੌਰਾਨ, ਕਾਰਜਕਾਰੀ ਵਾਈਸ ਚਾਂਸਲਰ ਆਈਏਐੱਸ ਅਧਿਕਾਰੀ ਕੇਕੇ ਯਾਦਵ ਦੇ ਮਗਰੂਹ ਹੋਣ ਕਾਰਨ ਯੂਨੀਵਰਸਿਟੀ ਦੇ ਕਾਰਜਾਂ ਵਿੱਚ ਰੁਕਾਵਟ ਆ ਰਹੀ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ, ਅਧਿਆਪਕ, ਅਤੇ ਮੁਲਾਜ਼ਮ ਆਪਣੇ-ਆਪਣੇ ਮਸਲਿਆਂ ਅਤੇ ਮੁਸ਼ਕਲਾਂ ਲਈ ਨਿਰੰਤਰ ਪਰੇਸ਼ਾਨ ਹਨ। ਵਿਦਿਆਰਥੀਆਂ ਦੀਆਂ ਡਿਗਰੀਆਂ ਅਤੇ ਸਰਟੀਫਿਕੇਟ ਜਾਰੀ ਕਰਨ ਲਈ ਲੋੜੀਂਦੇ ਕਾਗਜ਼ ਵੀ ਉਪਲਬਧ ਨਹੀਂ ਹਨ।
ਸੈਫੀ ਜਥੇਬੰਦੀ ਨੇ ਪਿਛਲੇ ਹਫ਼ਤੇ "ਵਾਈਸ ਚਾਂਸਲਰ ਦੀ ਗੁੰਮਸ਼ੁਦਗੀ" ਸਬੰਧੀ ਪੋਸਟਰ ਜਾਰੀ ਕਰਕੇ ਸਰਕਾਰ ਦੇ ਖਿਲਾਫ਼ ਰੋਸ ਪ੍ਰਗਟ ਕੀਤਾ ਸੀ। ਉਨ੍ਹਾਂ ਕਿਹਾ ਕਿ ਜੇਕਰ 25 ਨਵੰਬਰ ਤੱਕ ਰੈਗੂਲਰ ਵਾਈਸ ਚਾਂਸਲਰ ਦੀ ਤਾਇਨਾਤੀ ਨਹੀਂ ਕੀਤੀ ਗਈ ਤਾਂ ਆਗਾਮੀ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਇਸ ਮੌਕੇ ਉੱਤੇ ਸੁਪਿੰਦਰ ਸਿੰਘ, ਕਰਨਵੀਰ ਸਿੰਘ, ਗੁਰਪ੍ਰੀਤ ਸਿੰਘ, ਪ੍ਰਭਕੀਰਤ ਸਿੰਘ, ਅਤੇ ਹੋਰ ਵਿਦਿਆਰਥੀ ਆਗੂਆਂ ਨੇ ਵੀ ਆਪਣਾ ਵਿਸ਼ਵਾਸ ਪ੍ਰਗਟ ਕੀਤਾ ਕਿ ਇਸ ਸੰਘਰਸ਼ ਦੇ ਜ਼ਰੀਏ ਯੂਨੀਵਰਸਿਟੀ ਦੀਆਂ ਮੰਗਾਂ ਨੂੰ ਲਾਗੂ ਕਰਵਾਇਆ ਜਾਵੇਗਾ।