Chronicle news/Naveen
ਪਟਿਆਲਾ, 1 ਫਰਵਰੀ: ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ ਵਿੱਚ ਪ੍ਰਿੰਸੀਪਲ ਡਾ.ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਕੰਪਿਊਟਰ ਵਿਭਾਗ ਵੱਲੋਂ ਅੱਜ "Protect Digital Life: Essential Cyber Security" ਵਿਸ਼ੇ 'ਤੇ ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪੰਜਾਬ ਪੁਲਿਸ ਵਿੱਚ ਸਾਈਬਰ ਕ੍ਰਾਈਮ ਇਨਵੈਸਟੀਗੇਟਰ ਅਨੁਰਾਗ ਅਚਾਰਿਆ ਨੂੰ ਸਪੈਸ਼ਲ ਗੈਸਟ ਵਜੋਂ ਸੱਦਾ ਦਿੱਤਾ ਗਿਆ।
ਵਰਕਸ਼ਾਪ ਦੌਰਾਨ, ਅਨੁਰਾਗ ਅਚਾਰਿਆ ਨੇ ਸਾਈਬਰ ਕ੍ਰਾਈਮ, ਆਨਲਾਈਨ ਫ਼ਰੌਡ, ਡਿਜਿਟਲ ਸੁਰੱਖਿਆ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ, ਅਧਿਆਪਕਾਂ ਅਤੇ ਨੌਨ-ਟੀਚਿੰਗ ਸਟਾਫ਼ ਨੂੰ ਸਾਈਬਰ ਹਮਲਿਆਂ ਤੋਂ ਬਚਣ ਦੇ ਤਰੀਕੇ ਵੀ ਦੱਸੇ। ਉਨ੍ਹਾਂ ਨੇ ਕਿਹਾ ਕਿ ਡਿਜਿਟਲ ਜਗਤ ਵਿੱਚ ਸਾਵਧਾਨ ਰਹਿਣਾ ਅਤਿ ਜ਼ਰੂਰੀ ਹੈ ਅਤੇ ਹਰ ਇੱਕ ਨੂੰ ਸਾਈਬਰ ਸੁਰੱਖਿਆ ਦੀਆਂ ਮੁੱਢਲੀਆਂ ਗੱਲਾਂ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ।
ਵਰਕਸ਼ਾਪ ਦੌਰਾਨ ਕਾਲਜ ਦੇ ਅਧਿਆਪਕਾਂ ਨੇ ਵੀ ਆਪਣੇ ਤਜਰਬੇ ਸਾਂਝੇ ਕੀਤੇ ਕਿ ਉਹ ਕਿਵੇਂ ਸਾਈਬਰ ਕ੍ਰਾਈਮ ਦਾ ਸ਼ਿਕਾਰ ਹੋਏ ਜਾਂ ਕਿਸ ਤਰੀਕੇ ਨਾਲ ਉਹਨਾਂ ਨੇ ਇਸ ਤੋਂ ਬਚਾਅ ਕੀਤਾ। ਵਿਦਿਆਰਥੀਆਂ ਨੇ ਵੀ ਅਨੁਰਾਗ ਅਚਾਰਿਆ ਨੂੰ ਆਪਣੇ ਸਵਾਲ ਪੁੱਛੇ, ਜਿਨ੍ਹਾਂ ਦਾ ਉਨ੍ਹਾਂ ਨੇ ਵਿਸ਼ਲੇਸ਼ਣਾਤਮਕ ਢੰਗ ਨਾਲ ਜਵਾਬ ਦਿੱਤਾ।
ਇਸ ਮੌਕੇ ਕੰਪਿਊਟਰ ਵਿਭਾਗ ਦੇ ਮੁਖੀ ਅਤੇ ਕਾਲਜ ਪ੍ਰਬੰਧਕ ਵੀ ਮੌਜੂਦ ਰਹੇ। ਉਨ੍ਹਾਂ ਨੇ ਵਰਕਸ਼ਾਪ ਨੂੰ ਵਿਦਿਆਰਥੀਆਂ ਲਈ ਬਹੁਤ ਲਾਭਕਾਰੀ ਦੱਸਿਆ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਆਗਾਮੀ ਸਮੇਂ ਵਿੱਚ ਵੀ ਕਰਵਾਏ ਜਾਣਗੇ, ਤਾਂ ਜੋ ਵਿਦਿਆਰਥੀ ਸਾਈਬਰ ਸੰਬੰਧੀ ਚੈਤਨ੍ਹ ਹੋਣ ਅਤੇ ਆਨਲਾਈਨ ਧੋਖਾਧੜੀ ਤੋਂ ਬਚ ਸਕਣ।